Tuesday, September 1, 2009

ਬਿਨਾਂ ਪਤੇ ਵਾਲਾ ਖ਼ਤ : ਮੇਰੇ ਗੀਤ

ਮੇਰੇ ਗੀਤ
ਯਾਦਾਂ ਦੇ ਉਸ ਜੰਗਲ ਵਰਗੇ ਨੇ
ਜਿਸ 'ਚ
ਕਿਸੇ ਦਾ ਕੋਈ ਸਿਰਨਾਵਾਂ ਨਹੀਂ
ਕਿਸੇ ਦਾ ਕੋਈ ਪਰਛਾਵਾਂ ਨਹੀਂ।

ਮੇਰੇ ਗੀਤ
ਕਿਸੇ ਵੀਰਾਨੇ 'ਚ ਕਰੜ-ਬਰੜ ਰੁੱਖ ਵਾਂਗਰ
ਇਕੱਲੇ ਹੀ ਹਯਾਤ ਦੇ ਪ੍ਰਤੀਕ ਨੇ
ਕਿਸੇ ਬੀਆਬਾਨ 'ਚ
ਖਾਮੋਸ਼ ਖੂਹ ਦੀ ਮੌਣ ਤੇ ਬੈਠੇ
ਉਦਾਸ ਪਰਿੰਦੇ ਦੀ ਉਡੀਕ ਨੇ

ਇਹਨਾਂ ਗੀਤਾਂ ਨੇ
ਤੇਰੀ ਮਹਿੰਦੀ ਦੇ
ਪਰਾਈ ਹੋਣ ਤੱਕ ਦਾ ਸਫ਼ਰ ਤੱਕਿਆ ਹੈ
ਤੇਰੀ ਚੰਦਨ-ਤ੍ਰੇਲ 'ਚ
ਇਹ ਬਹੁਤ ਵਾਰ ਭਿੱਜੇ ਨੇ.........
ਬਥੇਰੀ ਵਾਰ ਨੁੱਚੜੇ ਨੇ........
ਤੇਰੀ ਜ਼ੁਲਫ਼ਾਂ ਦੇ ਸਪੋਲੀਆਂ
ਬਥੇਰੀ ਵਾਰ ਇਨ੍ਹਾਂ ਨੂੰ ਡੱਸਿਆ ਏ......

ਇਨ੍ਹਾਂ ਗੀਤਾਂ ਦੀਆਂ ਕਰੂੰਬਲਾਂ
ਓਸ ਰੁੱਖ ਦੀਆਂ ਟਹਿਣੀਆਂ ਤੇ ਫੁੱਟੀਆਂ ਨੇ
ਜਿਸ ਦੀਆਂ ਜੜ੍ਹਾਂ ਸਨ
ਤੇਰੇ ਧੁਰ ਅੰਦਰ ਕਿਤੇ

ਤੇਰੇ ਪਿਛੋਂ ਕੱਲ੍ਹ
ਮੈਂ ਤੇ ਮੇਰੇ ਗੀਤ ਇਕੱਲੇ ਸਾਂ
ਤੇ ਸਾਰੀ ਰਾਤ
ਉਹ ਮੇਰੇ ਗਲ ਲੱਗ ਵਿਲਕਦੇ ਰਹੇ......
ਸਵੇਰੇ
ਸੋਚ ਦੇ ਵਿਹੜੇ, ਮਾਰੂਥਲ ਦੀ ਗੂੰਜ ਸੀ
ਅਣਗਾਏ ਗੀਤਾਂ ਦੀ ਮੋਈ ਕੂੰਜ ਸੀ
.....ਤੇ ਜ਼ਿਹਨ ਦੇ ਵਿਹੜੇ ਖਿਲਰੇ ਸਨ
ਇਨ੍ਹਾਂ ਗੀਤਾਂ ਦੀਆਂ ਪਾਜੇਬਾਂ ਦੇ ਘੁੰਗਰੂ

ਮੈਂ ਉਹਨਾਂ ਨੂੰ ਚੁਗ
ਸਾਜ਼ 'ਚ ਪਰੋ
ਮਾਲਾ ਬਣਾ
ਗਲ ਵਿੱਚ ਪਾ
ਅਣਥੱਕਿਆਂ ਨੱਚਦਾ ਹਾਂ
ਤੇ ਯਾਦਾਂ ਦੀ ਕੰਧ ਦੇ
ਝਰੋਖਿਆਂ 'ਚੋਂ ਤੱਕਦਾ ਹਾਂ

ਕਿ......
ਕੱਕਰ ਰੁੱਤੇ
ਇੱਕ ਦੂਜੇ 'ਚੋਂ ਨਿੱਘ ਭਾਲਦਿਆਂ
ਸਾਨੂੰ ਇਨ੍ਹਾਂ ਗੀਤਾਂ ਦਾ ਹੀ ਆਸਰਾ ਸੀ
ਇਨ੍ਹਾਂ ਨੂੰ ਬਾਲ ਅਸੀਂ ਸੇਕੀ ਸੀ ਅਗਨ
ਇਨ੍ਹਾਂ ਨੇ ਹੀ ਸਾਨੂੰ ਕੱਜੀ ਰੱਖਿਆ
ਤੇ ਅਸੀਂ ਅੰਗ ਨਾ ਛੁਹਾਏ
ਤੇਰੇ ਅੰਦਰਲੇ ਕੇਸਰ ਦੀ ਸਹੁੰ
ਨਾ ਮੈਂ ਦੇਵਤਾ ਸੀ -ਨਾ ਤੂੰ।

ਹੁਣ ਤੇਰੇ ਤੇ ਮੇਰਾ ਕੋਈ ਹੱਕ ਨਹੀਂ
ਤੇਰੀ ਚੰਦਨ-ਖੁਸ਼ਬੋ
ਜਿਸਮ ਦੀ ਲੋਅ
ਜ਼ੁਲਫ਼ਾਂ ਦੇ ਸਪੋਲੀਏ......
ਮੇਰਾ ਕਿਸੇ ਤੇ ਕੋਈ ਹੱਕ ਨਹੀਂ

ਪਰ ਜਿਨ੍ਹਾਂ ਪਲਾਂ 'ਚ ਅਸੀਂ
ਦੁਨੀਆਂ ਨੂੰ
ਕੱਢਿਆ ਸੀ
ਸੂਈ ਦੇ ਨੱਕੇ ਥਾਣੀ
ਉਹ ਪਲ
ਮੇਰੇ ਗੀਤ ਨੇ
ਰੂਹ ਦਾ ਸੰਗੀਤ ਨੇ
ਮੇਰਾ ਸਰਮਾਇਆ ਨੇ

ਤੇ ਉਨ੍ਹਾਂ ਤੇ ਮੇਰਾ ਪੂਰਾ ਹੱਕ ਏ......।

No comments:

Post a Comment