Tuesday, September 1, 2009

ਬਿਨਾਂ ਪਤੇ ਵਾਲਾ ਖ਼ਤ : ਕਸੂਤੀ ਜਿਹੀ ਗਾਲ੍ਹ

ਇੱਕ ਪਲ
ਚੌਂਕ 'ਚ ਖੜ੍ਹੀ
ਸਿਪਾਹੀ ਦੀ ਵਰਦੀ
ਕਿਸੇ ਭਈਏ ਨੂੰ ਘੁਰਕਦੀ
ਅਗਲੇ ਪਲ-
ਕਿਸੇ ਪਿਓ ਵਰਗੇ ਬੁੜ੍ਹੇ ਨੂੰ
ਜੇ ਕਰ ਰਿਹਾ ਸੜਕ ਪਾਰ-
ਸੁਸਤ ਚਾਲ
ਉਸਦਾ ਡੰਡਾ ਕੁੜ੍ਹਦਾ ਹੈ
ਕੱਢਦਾ ਹੈ
ਮਾਂ ਦੀ ਕਸੂਤੀ ਜਿਹੀ ਗਾਲ੍ਹ....

ਅਗਲੇ ਪਲઠ-
ਕੋਈ ਜਾਣੂੰ ਲੰਘਦਾ ਹੈ
ਲਾਲ ਬੱਤੀ ਉਲੰਘਦਾ ਹੈ
ਉਸਦੀ ਖੜ੍ਹੀ ਮੁੱਛ
ਮਾੜਾ ਜਿਹਾ ਮੁਸਕਰਾਉਂਦੀ ਹੈ

ਅਗਲੇ ਕਿਸੇ ਪਲ -
ਉਸ ਦੇ ਕੰਨੀ
ਦੂਰੋਂ ਹੂਟਰ ਦੀ ਆਵਾਜ਼ ਪੈਂਦੀ ਹੈ
ਉਸ ਦੀ ਮਿਚਦੀ ਅੱਖ
ਤ੍ਰਭਕ ਕੇ ਖੁੱਲ੍ਹਦੀ ਹੈ
ਢਿੱਡ ਸਾਂਭਦੀ ਮੋਟੀ ਬੈਲਟ ਕੱਸਦਾ ਹੈ
ਤਣ ਕੇ ਖਲੋਂਦਾ ਹੈ
ਖੋਖੇ ਤੋਂ ਮੁਫ਼ਤ ਆਈ ਚਾਹ ਦਾ
ਹਥਲਾ ਕੱਪ ਲਕੋਂਦਾ ਹੈ
ਬੱਤੀ ਵਾਲੀ ਗੱਡੀ ਸ਼ੂਟ ਵੱਟੀ ਲੰਘਦੀ ਹੈ
ਜਾਂਦੀ ਜਾਂਦੀ ਗੱਡੀ ਤੇ ਉਸ ਦੀ 'ਰਫ਼ਲ'
ਇੱਕ ਮੋਟਾ ਸਲੂਟ ਟੰਗਦੀ ਹੈ
ਬੁੱਲ੍ਹ ਕੁਝ ਬੁੜ ਬੁੜ ਕਰਦੇ ਨੇ
ਬਚੀ ਚਾਹ ਦੀ ਠੰਢੀ ਚੁਸਕੀ ਭਰਦੇ ਨੇ

ਉਸ ਦੀ ਅੱਖ ਕੋਈ ਸਾਮੀ ਤਾੜਦੀ ਹੈ
ਵਰਦੀ ਤੇ ਜੰਮੀ ਕਿਸੇ ਗਾਲ੍ਹ ਨੂੰ ਝਾੜਦੀ ਹੈ
..............
ਸ਼ਾਮੀਂ 'ਦਿਹਾੜੀ' ਗਿਣਦਾ ਹੈ
ਘਰ ਦਾ ਰਾਹ ਮਿਣਦਾ ਹੈ
ਵਗਾਰ 'ਚ ਆਏ ਡਰਾਈ ਫਰੂਟ
ਉਹ ਜੁੱਟਾਂ ਨਾਲ ਬਹਿ ਖਾ ਆਇਆ ਹੈ
ਘਰ ਵਾਲੀ ਲਈ
ਬਚਦੀ ਹਵ੍ਹਾੜ ਲਿਆਇਆ ਹੈ

ਕਰੜ ਬਰੜਾ ਸ਼ੀਸ਼ੇ ਦਾ ਮੂੰਹ
ਉਸ ਵੱਲ ਡਰਾਉਣਾ ਜਿਹਾ ਤੱਕਦਾ ਹੈ
ਮੋਚਨੇ ਨਾਲ ਚਿੱਟਾ ਵਾਲ ਖਿੱਚਦਾ ਹੈ
ਖੇਹ ਪੈਂਦੀ ਹੈ, ਅੰਦਰੋਂ ਕੁਝ ਮੱਚਦਾ ਹੈ
ਉਹ ਸ਼ੀਸ਼ੇ ਨੂੰ ਗਾਲ੍ਹ ਕੱਢਦਾ ਹੈ
ਸਕੂਟਰ ਦੀ ਡਿੱਕੀ 'ਚੋਂ
ਬਚਿਆ 'ਮਾਲ' ਕੱਢਦਾ ਹੈ
ਗਲਾਸ ਭਰਦਾ
ਬੁੜ ਬੁੜ ਕਰਦਾ ਹੈ
ਤੇ ਇਕੋ ਸਾਹੇ ਹਾੜਾ ਅੰਦਰ ਕਰਦਾ ਹੈ

ਬੈਲਟ ਲਾਹ ਕੇ
ਬਾਬੇ ਦੀ ਫੋਟੋ ਅੱਗੇ ਧਰਦਾ ਹੈ
ਤੇ ਘਰਵਾਲੀ ਨੂੰ
ਉਸ ਲਹਿਜ਼ੇ 'ਚ
ਰੋਟੀ ਛੇਤੀ ਪਕਾਉਣ ਦੀ
ਤਾਕੀਦ ਕਰਦਾ ਹੈ
ਜਿਸ ਲਹਿਜ਼ੇ 'ਚ
ਸਵੇਰੇ
ਉਸ ਦੇ ਡੰਡੇ ਨੇ
ਪਿਓ ਵਰਗੇ ਬੁੜ੍ਹੇ ਨੂੰ
ਕੱਢੀ ਸੀ
ਮਾਂ ਦੀ ਕਸੂਤੀ ਜਿਹੀ ਗਾਲ੍ਹ।

No comments:

Post a Comment